Tessaratoma papillosa
ਕੀੜਾ
ਫੁੱਲਾਂ ਦੀਆਂ ਕਲੀਆਂ, ਸ਼ਾਖਾਵਾਂ ਅਤੇ ਛੋਟੇ ਫ਼ਲਾਂ 'ਤੇ ਲੱਛਣ ਦਿਖਾਈ ਦੇ ਸਕਦੇ ਹਨ। ਜਵਾਨ ਅਤੇ ਨਰਮ ਟਾਹਣੀਆਂ ਸਿਰਿਆਂ ਤੋਂ ਮੁਰਝਾਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਬਾਅਦ ਵਿੱਚ ਕਾਲ਼ੀਆਂ ਪੈ ਜਾਂਦੀਆਂ ਹਨ। ਮੁੱਖ ਲੱਛਣਾਂ ਵਿੱਚ ਫੁੱਲਾਂ ਅਤੇ ਫ਼ਲਾਂ ਦਾ ਮੁਰਝਾਉਣਾ ਅਤੇ ਸੁੱਕਣਾ ਸ਼ਾਮਿਲ ਹੈ। ਫ਼ਲਾਂ ਦੇ ਛਿਲਕੇ 'ਤੇ ਖ਼ਾਸ ਕਾਲੇ ਰੰਗ ਦੇ ਧੱਬੇ ਪੈ ਜਾਂਦੇ ਹਨ ਜਾਂ ਛਿਲਕਾ ਕਾਲਾ ਹੋ ਜਾਂਦਾ ਹੈ। ਇਹ ਫਲ ਸਮੇਂ ਤੋਂ ਪਹਿਲਾਂ ਡਿੱਗ ਸਕਦੇ ਹਨ, ਜਿਸ ਨਾਲ ਪੈਦਾਵਾਰ ਘਟ ਜਾਂਦੀ ਹੈ। ਕੀੜਿਆਂ ਦੀ ਜ਼ਿਆਦਾ ਗਿਣਤੀ ਕਾਰਨ ਟਾਹਣੀਆਂ ਅਤੇ ਪੱਤਿਆਂ ਦਾ ਵਾਧਾ ਰੁਕ ਸਕਦਾ ਹੈ ਅਤੇ ਗੰਭੀਰ ਹਾਲਤਾਂ ਵਿੱਚ ਪੂਰੇ ਦਰੱਖਤ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ।
ਕੁਦਰਤੀ ਦੁਸ਼ਮਣ ਇਸ ਕੀੜੇ ਨਾਲ ਲੜਨ ਵਿੱਚ ਮੱਦਦ ਕਰ ਸਕਦੇ ਹਨ। ਉਹ ਇਨ੍ਹਾਂ ਦੇ ਅੰਡਿਆਂ 'ਤੇ ਹਮਲਾ ਕਰਦੇ ਹਨ ਅਤੇ ਕੀੜਿਆਂ ਨੂੰ ਵੱਡੇ ਪੱਧਰ 'ਤੇ ਫੈਲਣ ਤੋਂ ਰੋਕਦੇ ਹਨ। ਅਜਿਹੀਆਂ ਸੰਭਾਵਿਤ ਪ੍ਰਜਾਤੀਆਂ ਦੀ ਸੂਚੀ ਪ੍ਰਾਪਤ ਕਰਨ ਲਈ ਸਥਾਨਿਕ ਅਧਿਕਾਰੀਆਂ ਜਾਂ ਖੇਤੀਬਾੜੀ ਸਲਾਹਕਾਰ ਨਾਲ ਸੰਪਰਕ ਕਰੋ।
ਵਧੀਆ ਨਤੀਜਿਆਂ ਲਈ ਫੁੱਲ ਆਉਣ ਦੇ ਸ਼ੁਰੂਆਤੀ ਪੜਾਅ ਦੌਰਾਨ ਦਵਾਈ ਦੀ ਵਰਤੋਂ ਕਰੋ। ਪੂਰੀ ਤਰ੍ਹਾਂ ਕਵਰੇਜ ਲਈ ਉੱਚ-ਦਬਾਅ ਅਤੇ ਉੱਚ-ਪ੍ਰਵਾਹ ਵਾਲੇ ਸਪਰੇਅਰਾਂ ਦੀ ਵਰਤੋਂ ਕਰੋ। ਉਨ੍ਹਾਂ ਸੰਘਣੀਆਂ ਟਾਹਣੀਆਂ ਅਤੇ ਪੱਤਿਆਂ ਨੂੰ ਨਿਸ਼ਾਨਾ ਬਣਾਓ ਜਿੱਥੇ ਕੀੜੇ ਲੁਕਦੇ ਹਨ। ਸਪ੍ਰੇਅ ਉਦੋਂ ਕਰੋ ਜਦੋਂ ਕੀੜੇ ਘੱਟ ਸਰਗਰਮ ਹੋਣ (ਜਿਵੇਂ ਕਿ ਠੰਢੇ ਤਾਪਮਾਨ ਵਿੱਚ)। ਗੰਭੀਰ ਹਮਲੇ ਦੀ ਸੂਰਤ ਵਿੱਚ ਕਈ ਵਾਰ ਇਲਾਜ਼ ਕਰਨ ਦੀ ਲੋੜ ਪੈ ਸਕਦੀ ਹੈ। ਸਥਾਨਿਕ ਸਰਕਾਰਾਂ ਇਨ੍ਹਾਂ ਨਿਯੰਤਰਣ ਪ੍ਰੋਗਰਾਮਾਂ ਦਾ ਤਾਲਮੇਲ ਕਰਦੀਆਂ ਹਨ।
ਲੀਚੀ ਸਟਿੰਕ ਬੱਗ (ਟੈਸਰਾਟੋਮਾ ਪੈਪੀਲੋਸਾ) ਦੱਖਣ-ਪੂਰਬੀ ਏਸ਼ੀਆ ਦਾ ਇੱਕ ਹਮਲਾਵਰ ਕੀੜਾ ਹੈ ਜੋ ਤੇਜ਼ੀ ਨਾਲ ਪੂਰੇ ਏਸ਼ੀਆ ਵਿੱਚ ਫੈਲ ਗਿਆ ਹੈ ਅਤੇ ਹੁਣ ਦੁਨੀਆ ਭਰ ਦੇ ਨਵੇਂ ਖ਼ੇਤਰਾਂ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਬਾਲਗ਼ ਸਟਿੰਕ ਬੱਗ ਦੀ ਸ਼ਕਲ ਇੱਕ ਖ਼ਾਸ ਢਾਲ ਵਰਗੀ ਹੁੰਦੀ ਹੈ ਅਤੇ ਇਸ ਦਾ ਰੰਗ ਭੂਰਾ-ਪੀਲਾ ਹੁੰਦਾ ਹੈ। ਇਸ ਦੇ ਨਿੰਫਸ ਦੇਖਣ ਵਿੱਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ - ਇਹ ਚਮਕਦਾਰ ਲਾਲ ਹੁੰਦੇ ਹਨ ਅਤੇ ਇਨ੍ਹਾਂ ਦੇ ਸਰੀਰ 'ਤੇ ਚਿੱਟੀਆਂ ਧਾਰੀਆਂ ਹੁੰਦੀਆਂ ਹਨ। ਇਨ੍ਹਾਂ ਦੇ ਅੰਡਿਆਂ ਦੇ ਸਮੂਹ ਵੀ ਵਿਲੱਖਣ ਹੁੰਦੇ ਹਨ, ਜਿਨ੍ਹਾਂ ਵਿੱਚ ਬਿਲਕੁੱਲ 14 ਹਰੇ ਜਾਂ ਗੁਲਾਬੀ ਰੰਗ ਦੇ ਅੰਡੇ ਸਾਫ਼ ਲਾਈਨਾਂ ਵਿੱਚ ਲੱਗੇ ਦਿਖਾਈ ਦਿੰਦੇ ਹਨ। ਬਾਲਗ਼ ਅਤੇ ਬੱਚੇ ਦੋਵੇਂ ਆਪਣੇ ਤਿੱਖੇ ਮੂੰਹ ਨਾਲ ਲੀਚੀ ਅਤੇ ਲੌਂਗਨ ਦੇ ਦਰੱਖ਼ਤਾਂ ਦੀਆਂ ਨਰਮ ਕਲੀਆਂ, ਸ਼ਾਖ਼ਾਵਾਂ ਅਤੇ ਨਵੇਂ ਫ਼ਲਾਂ ਦਾ ਰਸ ਚੂਸਦੇ ਹਨ। ਇਨ੍ਹਾਂ ਦੇ ਚੂਸਣ ਕਾਰਨ ਹੋਏ ਜ਼ਖ਼ਮ ਉੱਲੀ ਦੇ ਰੋਗਾਂ ਨੂੰ ਸੱਦਾ ਦਿੰਦੇ ਹਨ, ਜੋ ਪੌਦੇ ਨੂੰ ਹੋਰ ਨੁਕਸਾਨ ਪਹੁੰਚਾਉਂਦੇ ਹਨ। ਲੀਚੀ ਸਟਿੰਕ ਬੱਗ ਦਰੱਖ਼ਤਾਂ ਨੂੰ ਖ਼ਾਸ ਕਿਸਮ ਦਾ ਨੁਕਸਾਨ ਪਹੁੰਚਾਉਂਦਾ ਹੈ ਅਤੇ ਮਨੁੱਖੀ ਸਿਹਤ ਲਈ ਵੀ ਗੰਭੀਰ ਖ਼ਤਰਾ ਪੈਦਾ ਕਰਦਾ ਹੈ। ਜਦੋਂ ਇਨ੍ਹਾਂ ਨੂੰ ਛੇੜਿਆ ਜਾਂਦਾ ਹੈ ਜਾਂ ਕੋਈ ਖ਼ਤਰਾ ਮਹਿਸੂਸ ਹੁੰਦਾ ਹੈ, ਤਾਂ ਇਹ ਇੱਕ ਖੋਰਨ ਵਾਲਾ ਅਤੇ ਬਦਬੂਦਾਰ ਤਰਲ ਛਿੜਕ ਦਿੰਦੇ ਹਨ, ਜੋ ਚਮੜੀ ਦੇ ਸੰਪਰਕ ਵਿੱਚ ਆਉਣ 'ਤੇ ਤੁਰੰਤ ਜਲਣ ਪੈਦਾ ਕਰਦਾ ਹੈ ਅਤੇ ਦਰਦਨਾਕ ਛਾਲੇ ਬਣਾ ਸਕਦਾ ਹੈ। ਅੱਖਾਂ ਵਿੱਚ ਪੈਣ 'ਤੇ ਇਸ ਨਾਲ ਅੰਨ੍ਹਾਪਣ ਵੀ ਹੋ ਸਕਦਾ ਹੈ। ਜੇਕਰ ਇਹ ਤਰਲ ਸਰੀਰ 'ਤੇ ਪੈ ਜਾਵੇ, ਤਾਂ ਪ੍ਰਭਾਵਿਤ ਹਿੱਸੇ ਨੂੰ ਤੁਰੰਤ ਸਾਫ਼ ਪਾਣੀ ਨਾਲ ਧੋਵੋ ਅਤੇ ਜੇਕਰ ਜਲਣ ਬਣੀ ਰਹਿੰਦੀ ਹੈ, ਤਾਂ ਡਾਕਟਰੀ ਸਹਾਇਤਾ ਲਓ।