Rhizoctonia solani
ਉੱਲੀ
ਬਿਮਾਰੀ ਦੀ ਸ਼ੁਰੂਆਤ ਪੱਤਿਆਂ 'ਤੇ ਛੋਟੇ, ਪਾਣੀ ਵਰਗੇ ਭੂਰੇ ਧੱਬਿਆਂ ਨਾਲ ਹੁੰਦੀ ਹੈ। ਇਹ ਧੱਬੇ ਵੱਡੇ ਹੋ ਜਾਂਦੇ ਹਨ ਅਤੇ ਅਕਸਰ ਪੱਤਿਆਂ ਦੇ ਕਿਨਾਰਿਆਂ ਜਾਂ ਸਿਰਿਆਂ ਤੋਂ ਸ਼ੁਰੂ ਹੋ ਕੇ, ਪੂਰੇ ਪੱਤੇ 'ਤੇ ਫੈਲ ਜਾਂਦੇ ਹਨ। ਤੁਸੀਂ ਪੱਤਿਆਂ ਦੀ ਸਤ੍ਹ 'ਤੇ ਹਲਕੇ ਪੀਲੇ ਜਾਂ ਭੂਰੇ ਰੰਗ ਦੇ ਉੱਲੀ ਦੇ ਰੇਸ਼ੇ ਦੇਖੋਗੇ। ਇਹ ਰੇਸ਼ੇ ਗੂੰਦ ਦੀ ਤਰ੍ਹਾਂ ਕੰਮ ਕਰਦੇ ਹਨ, ਜਿਸ ਨਾਲ ਪ੍ਰਭਾਵਿਤ ਪੱਤੇ ਆਪਸ ਵਿੱਚ ਚਿਪਕ ਕੇ ਗੁੱਛੇ ਬਣ ਜਾਂਦੇ ਹਨ। ਜਿਵੇਂ-ਜਿਵੇਂ ਇਨਫੈਕਸ਼ਨ ਵਧਦੀ ਹੈ, ਪੱਤੇ ਪੀਲੇ, ਫਿਰ ਭੂਰੇ ਹੋ ਕੇ ਅਖ਼ੀਰ ਸੁੱਕ ਅਤੇ ਮਰ ਜਾਂਦੇ ਹਨ। ਛੋਟੇ ਦਰੱਖ਼ਤਾਂ 'ਤੇ, ਟਾਹਣੀਆਂ ਦੇ ਸਿਰੇ "ਸੜੇ ਹੋਏ" ਦਿਖਾਈ ਦਿੰਦੇ ਹਨ ਅਤੇ ਝੜ ਜਾਂਦੇ ਹਨ। ਵੱਡੇ ਦਰੱਖ਼ਤਾਂ ਵਿੱਚ, ਨਵੇਂ ਪੱਤਿਆਂ ਦੇ ਨੁਕਸਾਨੇ ਜਾਣ ਦੇ ਕਾਰਣ ਟਾਹਣੀਆਂ ਦੇ ਸਿਰੇ ਸੁੱਕ ਸਕਦੇ ਹਨ, ਜੋ ਦਰੱਖਤ ਨੂੰ ਵਧੀਆ ਫ਼ਸਲ ਦੇਣ ਤੋਂ ਰੋਕ ਸਕਦਾ ਹੈ।
ਵਾਤਾਵਰਣ ਦੇ ਅਨੁਕੂਲਿਤ ਵਿਕਲਪਾਂ ਵਿੱਚ ਮੱਦਦਗਾਰ ਸੂਖ਼ਮ ਜੀਵਾਂ ਦੀ ਵਰਤੋਂ ਸ਼ਾਮਿਲ ਹੁੰਦਾ ਹੈ, ਜਿਵੇਂ ਕਿ ਲਾਭਕਾਰੀ ਉੱਲੀ (ਟ੍ਰਾਈਕੋਡਰਮਾ ਪ੍ਰਜਾਤੀਆਂ) ਜਾਂ ਬੈਕਟੀਰੀਆ (ਬੈਸੀਲਸ ਸਬਟਿਲਿਸ)। ਇਹਨਾਂ "ਚੰਗੇ" ਸੂਖ਼ਮ ਜੀਵਾਂ ਨੂੰ ਪੱਤਿਆਂ 'ਤੇ ਛਿੜਕਾਇਆ ਜਾ ਸਕਦਾ ਹੈ ਜਾਂ ਮਿੱਟੀ ਵਿੱਚ ਪਾ ਕੇ ਲਾਗੂ ਕੀਤਾ ਜਾ ਸਕਦਾ ਹੈ ਤਾਂ ਜੋ ਇਹ ਬਿਮਾਰੀ ਪੈਦਾ ਕਰਨ ਵਾਲੀ ਉੱਲੀ ਨਾਲ ਜਗ੍ਹਾ ਅਤੇ ਖ਼ੁਰਾਕ ਲਈ ਮੁਕਾਬਲਾ ਕਰ ਸਕਣ। ਇਹ ਕੁਦਰਤੀ ਤੌਰ 'ਤੇ ਉੱਲੀ ਉੱਪਰ ਹਮਲਾ ਕਰਕੇ ਉਸ ਨੂੰ ਵਧਣ ਤੋਂ ਰੋਕਦੇ ਹਨ। ਇਹ ਜੈਵਿਕ ਇਲਾਜ਼ ਉਦੋਂ ਸਭ ਤੋਂ ਵਧੀਆ ਕੰਮ ਕਰਦੇ ਹਨ ਜਦੋਂ ਸੀਜ਼ਨ ਦੇ ਸ਼ੁਰੂ ਵਿੱਚ ਦਰੱਖ਼ਤਾਂ ਅਤੇ ਮਿੱਟੀ ਨੂੰ ਸਿਹਤਮੰਦ ਰੱਖਣ ਦੀ ਨਿਯਮਿਤ ਯੋਜਨਾ ਦੇ ਹਿੱਸੇ ਵਜੋਂ ਵਰਤੇ ਜਾਂਦੇ ਹਨ।
ਆਮ ਰਸਾਇਣਿਕ ਪ੍ਰਬੰਧਨ ਦਾ ਮੁੱਖ ਮਕਸਦ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਿਮਾਰੀ ਦੇ ਪਹਿਲੇ ਲੱਛਣ ਦਿਖਾਈ ਦਿੰਦੇ ਹੀ ਪੱਤਿਆਂ ਦੀ ਰੱਖਿਆ ਕਰਨਾ ਹੁੰਦਾ ਹੈ। ਦਵਾਈਆਂ ਦਾ ਛਿੜਕਾਅ ਪੱਤਿਆਂ ਅਤੇ ਨਵੀਆਂ ਟਾਹਣੀਆਂ 'ਤੇ ਇੱਕ ਸੁਰੱਖਿਆ ਕਵਚ ਵਜੋਂ ਕਰਨਾ ਚਾਹੀਦਾ ਹੈ ਤਾਂ ਜੋ ਉੱਲੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਕਿਉਂਕਿ ਉੱਲੀ ਮਿੱਟੀ ਅਤੇ ਰਹਿੰਦ-ਖੂੰਹਦ ਵਿੱਚ ਰਹਿੰਦੀ ਹੈ, ਇਸ ਲਈ ਉਹਨਾਂ ਥਾਵਾਂ ਨੂੰ ਨਿਸ਼ਾਨਾ ਬਣਾਉਣਾ ਜ਼ਰੂਰੀ ਹੈ ਜਿੱਥੋਂ ਇਨਫੈਕਸ਼ਨ ਸ਼ੁਰੂ ਹੁੰਦੀ ਹੈ। ਸਮੇਂ ਦੇ ਨਾਲ ਉੱਲੀ ਵਿੱਚ ਦਵਾਈਆਂ ਵਿਰੁੱਧ ਪ੍ਰਤੀਰੋਧਕ ਸ਼ਕਤੀ ਪੈਦਾ ਹੋਣ ਤੋਂ ਰੋਕਣ ਲਈ, ਪੂਰੇ ਸਾਲ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧਨ ਤਰੀਕਿਆਂ ਦੀ ਵਰਤੋਂ ਕਰਨਾ ਫ਼ਾਇਦੇਮੰਦ ਹੁੰਦਾ ਹੈ।
ਇਹ ਬਿਮਾਰੀ ਇੱਕ ਉੱਲੀ ਕਾਰਨ ਹੁੰਦੀ ਹੈ ਜੋ ਮਿੱਟੀ ਅਤੇ ਪੌਦਿਆਂ ਦੇ ਪੁਰਾਣੇ ਅਵਸ਼ੇਸ਼ਾਂ ਵਿੱਚ ਰਹਿੰਦੀ ਹੈ। ਇਹ ਉਦੋਂ ਫੈਲਦੀ ਹੈ ਜਦੋਂ ਮੀਂਹ ਦੀਆਂ ਬੂੰਦਾਂ ਜ਼ਮੀਨ ਜਾਂ ਪੁਰਾਣੇ ਪੱਤਿਆਂ ਤੋਂ ਉੱਲੀ ਨੂੰ ਨਵੇਂ, ਸਿਹਤਮੰਦ ਪੱਤਿਆਂ 'ਤੇ ਉੱਛਲ ਜਾਂਦੀਆਂ ਹਨ। ਇਹ ਉੱਲੀ ਗਰਮ ਤਾਪਮਾਨ ਅਤੇ ਬਹੁਤ ਜ਼ਿਆਦਾ ਨਮੀ ਵਿੱਚ ਤੇਜ਼ੀ ਨਾਲ ਵਧਦੀ ਹੈ, ਜਿਸ ਕਰਕੇ ਬਰਸਾਤ ਦਾ ਮੌਸਮ ਬਾਗ ਲਈ ਸਭ ਤੋਂ ਖ਼ਤਰਨਾਕ ਹੁੰਦਾ ਹੈ। ਇਹ ਸੰਘਣੇ ਦਰੱਖ਼ਤਾਂ ਵਿੱਚ ਪੱਤਿਆਂ ਦੇ ਆਪਸੀ ਸਿੱਧੇ ਸੰਪਰਕ ਰਾਹੀਂ ਵੀ ਫੈਲਦੀ ਹੈ। ਮਿੱਟੀ ਵਿੱਚ ਨਾਈਟ੍ਰੋਜਨ ਦੀ ਉੱਚ ਮਾਤਰਾ ਪੌਦੇ ਦੇ ਹਿੱਸਿਆਂ ਦੇ ਨਰਮ ਵਾਧੇ ਨੂੰ ਵਧਾਉਂਦੀ ਹੈ। ਇਸ ਤਰ੍ਹਾਂ ਦੇ ਨਰਮ ਵਾਧੇ ਵਾਲੇ ਹਿਸਿਆਂ ਵਿੱਚ ਉੱਲੀ ਆਸਾਨੀ ਨਾਲ ਦਾਖ਼ਲ ਹੋ ਜਾਂਦੀ ਹੈ। ਜੇਕਰ ਬਾਗ਼ ਦੀ ਛਾਂਟੀ ਸਹੀ ਨਾ ਹੋਵੇ ਜਾਂ ਪਾਣੀ ਦਾ ਨਿਕਾਸ ਮਾੜਾ ਹੋਵੇ, ਤਾਂ ਅੰਦਰ ਫਸੀ ਨਮੀ ਉੱਲੀ ਨੂੰ ਹੋਰ ਤੇਜ਼ੀ ਨਾਲ ਵਧਣ ਵਿੱਚ ਮੱਦਦ ਕਰਦੀ ਹੈ।