Alternaria dauci
ਉੱਲੀ
ਸੰਕਰਮਣ ਦੇ ਸ਼ੁਰੂਆਤੀ ਲੱਛਣ ਹੇਠਲੇ, ਪੁਰਾਣੇ ਛੋਟੇ ਪੱਤਿਆਂ ਦੇ ਕਿਨਾਰਿਆਂ ਅਤੇ ਸਿਰਿਆਂ 'ਤੇ ਛੋਟੇ, ਅਨਿਯਮਿਤ, ਗੂੜ੍ਹੇ-ਭੂਰੇ ਤੋਂ ਕਾਲੇ ਰੰਗ ਦੇ ਜ਼ਖ਼ਮਾਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਇਹ ਧੱਬੇ ਆਕਾਰ ਵਿੱਚ ਵੱਖ-ਵੱਖ ਹੋ ਸਕਦੇ ਹਨ ਅਤੇ ਇਹਨਾਂ ਦੇ ਆਲੇ-ਦੁਆਲੇ ਪੀਲਾ ਘੇਰਾ ਹੋ ਸਕਦਾ ਹੈ। ਸਮੇਂ ਦੇ ਨਾਲ, ਇਹ ਧੱਬੇ ਵੱਧਦੇ ਹਨ ਅਤੇ ਆਪਸ ਵਿੱਚ ਮਿਲ ਜਾਂਦੇ ਹਨ, ਜਿਸ ਨਾਲ ਪੱਤਾ ਝੁਲਸਿਆ ਅਤੇ ਸੜਿਆ ਹੋਇਆ ਦਿਖਾਈ ਦਿੰਦਾ ਹੈ। ਗੰਭੀਰ ਰੂਪ ਵਿੱਚ ਪ੍ਰਭਾਵਿਤ ਪੱਤੇ ਸੁੰਗੜ ਕੇ ਮਰ ਜਾਂਦੇ ਹਨ। ਅਗਲੀਆਂ ਪੜਾਵਾਂ ਵਿੱਚ, ਪੱਤੇ ਦੀਆਂ ਡੰਡੀਆਂ 'ਤੇ ਵੀ ਵੱਡੇ ਜ਼ਖ਼ਮ ਬਣ ਸਕਦੇ ਹਨ, ਜੋ ਕਈ ਵਾਰ ਉਹਨਾਂ ਨੂੰ ਪੂਰੀ ਤਰ੍ਹਾਂ ਘੇਰ ਲੈਂਦੇ ਹਨ ਅਤੇ ਪੱਤਿਆਂ ਦੇ ਟੁੱਟਣ ਦਾ ਕਾਰਨ ਬਣਦੇ ਹਨ। ਕਦੇ-ਕਦੇ, ਇਹ ਰੋਗਾਣੂ ਨਵੇਂ ਪੌਦਿਆਂ ਨੂੰ ਮਿੱਟੀ ਦੀ ਸਤ੍ਹ 'ਤੇ ਜਾਂ ਉਸ ਦੇ ਬਿਲਕੁਲ ਹੇਠਾਂ ਸੰਕਰਮਿਤ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਪੌਦੇ ਗਲ ਕੇ ਮਰ ਜਾਂਦੇ ਹਨ। ਮਸ਼ੀਨੀ ਕਟਾਈ ਦੌਰਾਨ ਬੀਮਾਰ ਡੰਡੀਆਂ ਦੇ ਟੁੱਟਣ ਦੀ ਸੰਭਾਵਨਾ ਵੱਧ ਹੁੰਦੀ ਹੈ, ਜਿਸ ਕਾਰਨ ਗਾਜਰਾਂ ਮਿੱਟੀ ਵਿੱਚ ਹੀ ਰਹਿ ਸਕਦੀਆਂ ਹਨ।
ਉੱਲੀ ਦਾ ਇਲਾਜ਼ ਰੋਕਥਾਮ ਦੇ ਤੌਰ 'ਤੇ ਪਹਿਲਾਂ ਹੀ ਕਰੋ। ਤਾਂਬੇ ਅਧਾਰਤ ਉਤਪਾਦਾਂ ਨੇ ਇਸ ਬੀਮਾਰੀ 'ਤੇ ਪ੍ਰਭਾਵ ਦਿਖਾਇਆ ਹੈ ਅਤੇ ਕੁਝ ਅਧਿਐਨਾਂ ਵਿੱਚ ਉੱਲੀ ਦਾ ਮੁਕਾਬਲਾ ਕਰਨ ਲਈ ਟ੍ਰਾਈਕੋਡਰਮਾ ਅਤੇ ਬੈਸੀਲਸ ਪ੍ਰਜਾਤੀਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸਾਰੇ ਜੈਵਿਕ ਨਿਯੰਤਰਣਾਂ ਵਾਂਗ, ਇਸ ਦਾ ਪ੍ਰਭਾਵ ਗਾਜਰ ਦੀ ਕਿਸਮ ਅਤੇ ਵਾਤਾਵਰਣ ਦੀਆਂ ਸਥਿਤੀਆਂ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦਾ ਹੈ। ਵਧੀਆ ਨਤੀਜਿਆਂ ਲਈ ਹਮੇਸ਼ਾ ਜੈਵਿਕ ਇਲਾਜ਼ਾਂ ਨੂੰ ਖੇਤੀਬਾੜੀ ਅਤੇ ਰੋਕਥਾਮ ਦੇ ਉਪਾਵਾਂ ਨਾਲ ਜੋੜਨ ਬਾਰੇ ਵਿਚਾਰ ਕਰੋ।
ਜੇਕਰ ਉਪਲੱਬਧ ਹੋ ਸਕੇ, ਤਾਂ ਹਮੇਸ਼ਾ ਜੈਵਿਕ ਇਲਾਜ਼ਾਂ ਦੇ ਨਾਲ-ਨਾਲ ਰੋਕਥਾਮ ਦੇ ਉਪਾਵਾਂ ਨੂੰ ਮਿਲਾ ਕੇ ਇੱਕ ਸੰਯੁਕਤ ਤਰੀਕਾ ਅਪਣਾਉਂਦੇ ਹੋਏ ਇਲਾਜ਼ ਕਰਨ ਬਾਰੇ ਵਿਚਾਰ ਕਰੋ। ਉੱਲੀਨਾਸ਼ਕ ਦਾ ਛਿੜਕਾਅ ਉਦੋਂ ਸ਼ੁਰੂ ਹੋਣਾ ਚਾਹੀਦਾ ਹੈ ਜਦੋਂ ਪਹਿਲੇ ਲੱਛਣ ਦਿਖਾਈ ਦੇਣ, ਜਾਂ ਨਮੀ ਵਾਲੇ ਖ਼ੇਤਰਾਂ ਵਿੱਚ ਰੋਕਥਾਮ ਦੇ ਤੌਰ 'ਤੇ ਜਿੱਥੇ ਇਹ ਬੀਮਾਰੀ ਆਮ ਤੌਰ 'ਤੇ ਹੁੰਦੀ ਹੈ। ਜਿਵੇਂ-ਜਿਵੇਂ ਫ਼ਸਲ ਸੰਘਣੀ ਹੁੰਦੀ ਜਾਂਦੀ ਹੈ, ਪੱਤਿਆਂ 'ਤੇ ਦਵਾਈ ਦਾ ਪੂਰਾ ਛਿੜਕਾਅ ਕਰਨਾ ਵਧੇਰੇ ਮੁਸ਼ਕਿਲ ਹੋ ਜਾਂਦਾ ਹੈ, ਇਸ ਲਈ ਸ਼ੁਰੂਆਤੀ ਛਿੜਕਾਅ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹਨ। ਉੱਲੀਨਾਸ਼ਕ ਸਮੂਹਾਂ ਨੂੰ ਬਦਲ-ਬਦਲ ਕੇ ਵਰਤੋਂ ਤਾਂ ਜੋ ਬੀਮਾਰੀ ਵਿੱਚ ਦਵਾਈ ਪ੍ਰਤੀ ਰੋਧਕਤਾ ਸ਼ਕਤੀ ਪੈਦਾ ਹੋਣ ਦੇ ਜੋਖ਼ਮ ਨੂੰ ਘਟਾਇਆ ਜਾ ਸਕੇ। ਤਾਂਬੇ ਆਧਾਰਿਤ ਉਤਪਾਦਾਂ ਨੂੰ ਵੀ ਰਜਿਸਟਰਡ ਉੱਲੀਨਾਸ਼ਕਾਂ ਨਾਲ ਬਦਲ-ਬਦਲ ਕੇ ਵਰਤਿਆ ਜਾ ਸਕਦਾ ਹੈ ਅਤੇ ਇਹਨਾਂ ਨੇ ਐਲਟਰਨੇਰੀਆ ਪੱਤਾ ਝੁਲਸ ਰੋਗ ਵਿਰੁੱਧ ਪ੍ਰਭਾਵ ਦਿਖਾਇਆ ਹੈ, ਅਤੇ ਇਹ ਬੈਕਟੀਰੀਆ ਜਨਿਤ ਪੱਤਾ ਝੁਲਸ ਰੋਗ ਨੂੰ ਦਬਾਉਣ ਵਿੱਚ ਵੀ ਮੱਦਦ ਕਰ ਸਕਦੇ ਹਨ।
ਇਹ ਬੀਮਾਰੀ ਐਲਟਰਨੇਰੀਆ ਡੌਸੀ ਨਾਮਕ ਉੱਲੀ ਕਾਰਨ ਹੁੰਦੀ ਹੈ, ਜੋ ਸੰਕਰਮਿਤ ਜਾਂ ਦੂਸ਼ਿਤ ਬੀਜਾਂ ਰਾਹੀਂ ਫੈਲ ਸਕਦੀ ਹੈ ਅਤੇ ਸੰਕਰਮਿਤ ਫ਼ਸਲ ਦੀ ਰਹਿੰਦ-ਖੂੰਹਦ ਅਤੇ ਆਪਣੇ ਆਪ ਉੱਗਣ ਵਾਲੇ ਗਾਜਰ ਦੇ ਪੌਦਿਆਂ 'ਤੇ ਸਰਦੀਆਂ ਕੱਟ ਸਕਦੀ ਹੈ। ਇਹ ਉੱਲੀ ਪੌਦਿਆਂ ਦੇ ਜਿਉਂਦੇ ਹਿੱਸਿਆਂ ਤੋਂ ਬਿਨਾਂ ਮਿੱਟੀ ਵਿੱਚ ਜਿਉਂਦੀ ਨਹੀਂ ਰਹਿ ਸਕਦੀ। ਉੱਲੀ ਦੇ ਬੀਜਾਣੂ ਹਵਾ ਦੁਆਰਾ ਅਤੇ ਬਾਰਿਸ਼ ਜਾਂ ਫੁਹਾਰਾ ਸਿੰਚਾਈ ਦੇ ਪਾਣੀ ਦੀਆਂ ਬੂੰਦਾਂ ਰਾਹੀਂ ਆਲੇ-ਦੁਆਲੇ ਦੇ ਪੌਦਿਆਂ ਤੱਕ ਫੈਲਦੇ ਹਨ, ਅਤੇ ਹਵਾ ਦੁਆਰਾ ਅਤੇ ਖੇਤੀਬਾੜੀ ਦੇ ਸੰਦਾਂ 'ਤੇ ਲੰਮੀ ਦੂਰੀ ਤੱਕ ਜਾ ਸਕਦੇ ਹਨ। ਸੰਕਰਮਣ ਲਈ ਮੱਧਮ ਤੋਂ ਗਰਮ ਤਾਪਮਾਨ (16-35°C) ਅਤੇ ਪੱਤਿਆਂ ਦੇ ਲੰਬੇ ਸਮੇਂ ਤੱਕ ਗਿੱਲੇ ਰਹਿਣ ਦੀ ਸਥਿਤੀ ਅਨੁਕੂਲ ਹੁੰਦੀ ਹੈ। ਆਮ ਤੌਰ 'ਤੇ, ਬੀਜਾਣੂਆਂ ਦੇ ਪਨਪਣ ਅਤੇ ਪੌਦੇ ਨੂੰ ਸੰਕਰਮਿਤ ਕਰਨ ਲਈ ਪੱਤਿਆਂ ਦਾ ਸਿਰਫ਼ 8 ਤੋਂ 12 ਘੰਟੇ ਗਿੱਲਾ ਰਹਿਣਾ ਹੀ ਕਾਫ਼ੀ ਹੁੰਦਾ ਹੈ। ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ, ਸੰਕਰਮਣ ਲਈ ਲੋੜੀਂਦੇ ਗਿੱਲੇਪਣ ਦਾ ਸਮਾਂ ਘੱਟ ਜਾਂਦਾ ਹੈ। ਘੱਟ ਖਾਦ ਵਾਲੇ ਅਤੇ ਤਣਾਅਗ੍ਰਸਤ ਪੌਦਿਆਂ 'ਤੇ ਬੀਮਾਰੀ ਦਾ ਪ੍ਰਕੋਪ ਆਮ ਤੌਰ 'ਤੇ ਵਧੇਰੇ ਹੁੰਦਾ ਹੈ।