Chilo infuscatellus
ਕੀੜਾ
ਪੱਤੇ ਦੇ ਗਲਾਫ਼ ਦੇ ਅੰਦਰ, ਗੁੱਛਿਆਂ ਦੇ ਰੂਪ ਵਿੱਚ ਚਿੱਟੇ ਅਤੇ ਚਪਟੇ ਆਂਡਿਆਂ ਦੀਆਂ 3 ਤੋਂ 5 ਕਤਾਰਾਂ ਹੋ ਸਕਦੀਆਂ ਹਨ। ਇੱਕ ਗੁੱਛੇ ਵਿੱਚ ਆਂਡਿਆਂ ਦੀ ਗਿਣਤੀ 60 ਤੱਕ ਹੋ ਸਕਦੀ ਹੈ। ਛੋਟੀ ਉਮਰ ਦਾ ਲਾਰਵਾ ਪੱਤਿਆਂ ਵਿੱਚ ਛੋਟੇ-ਛੋਟੇ ਛੇਕ ਕਰਦਾ ਹੈ, ਖ਼ਾਸਕਰ ਪੱਤਿਆਂ ਦੇ ਮਿਆਨ ਵਿੱਚ। ਵੱਡੀ ਉਮਰ ਦੇ ਲਾਰਵੇ ਤਣਿਆਂ ਦੇ ਮੁੱਢ ਵਿੱਚ ਛੇਕ ਕਰਕੇ ਬੂਟੇ ਦੇ ਅੰਦਰ ਚਲੇ ਜਾਂਦੇ ਹਨ ਅਤੇ ਅੰਦਰਲਾ ਨਰਮ ਮਾਦਾ ਖਾਂਦੇ ਹਨ ਜਿਸ ਨਾਲ਼ ਬੂਟੇ ਮੁਰਝਾ ਕੇ ਮਰ ਜਾਂਦੇ ਹਨ। ਬੂਟੇ ਦੇ ਮੁੱਢ ਵਿਚਲੇ ਪੱਤਿਆਂ ਦਾ ਗੁੱਛਾ ਵੀ ਸੁੱਕ ਸਕਦਾ ਹੈ। ਹਮਲਾ-ਗ੍ਰਸਤ ਟਿਸ਼ੂਆਂ ਵਿੱਚੋਂ ਬਦਬੂ ਆਉਂਦੀ ਹੈ। ਇਹ ਛੇਦਕ, ਪੋਰੀ ਛੇਦਕ ਵਜੋਂ ਵੀ ਕੰਮ ਕਰਦਾ ਹੈ।
ਬਿਜਾਈ ਦੇ ਪਹਿਲੇ ਮਹੀਨੇ ਤੋਂ ਲੈ ਕੇ ਵਾਢੀ ਤੋਂ ਇੱਕ ਮਹੀਨਾ ਪਹਿਲਾਂ ਤੱਕ, 7 ਤੋਂ 10 ਦਿਨਾਂ ਦੇ ਫ਼ਰਕ ਨਾਲ਼ ਇਸਦੇ ਆਂਡੇ ਖਾਣ ਵਾਲ਼ੀ ਟ੍ਰੀਕੋਗਾਮਾ ਕੀਲੋਨੀਸ ਨਾਂ ਦੀ ਧਮੋੜੀ ਨੂੰ ਛੱਡਦੇ ਰਹੋ। ਬਿਜਾਈ ਤੋਂ 30 ਤੋਂ 45 ਦਿਨਾਂ ਬਾਅਦ ਸਟਰਮੀਔਪਸਿਸ ਇਨਫ਼ਾਰੈਂਸ ਨਾਂ ਦੀ ਮਾਦਾ ਮੱਖੀ ਨੂੰ ਛੱਡੋ। ਇਸ ਤੋਂ ਇਲਾਵਾ, ਇਸਦੇ ਲਈ ਮਿਲਣ ਵਾਲ਼ੇ ਗ੍ਰੈਨੂਲੋਸਿਸ ਵਾਇਰਸ ਦੀ 8 ਤੋਂ 10 ਇਕਾਈਆਂ ਪ੍ਰਤੀ ਮਿਲੀਲੀਟਰ ਦੇ ਹਿਸਾਬ ਨਾਲ਼ ਫ਼ਸਲ ਦੇ ਵਿਕਾਸ ਦੇ 30ਵੇਂ, 45ਵੇਂ, ਅਤੇ 60ਵੇਂ ਦਿਨ ਵਰਤੋਂ ਕਰੋ। ਗ੍ਰੈਨੂਲੋਸਿਸ ਵਾਇਰਸ ਦੀ ਵਰਤੋਂ ਸ਼ਾਮ ਦੇ ਸਮੇਂ, ਸਿੰਜਾਈ ਤੋਂ ਫ਼ੌਰਨ ਬਾਅਦ ਕਰਨੀ ਚਾਹੀਦੀ ਹੈ।
ਰੋਕਥਾਮ ਦੇ ਤਰੀਕਿਆਂ ਨੂੰ ਹਮੇਸ਼ਾ ਡੁੰਘਾਈ ਨਾਲ਼ ਸਮਝੋ ਅਤੇ, ਜੇ ਉਪਲਬਧ ਹੋਵੇ ਤਾਂ, ਜੈਵਿਕ ਇਲਾਜ ਅਪਣਾਓ। ਜੇ ਲੋੜ ਪਵੇ ਤਾਂ ਕਲੋਰਲਟ੍ਰੈਨਿਲਿਪਰੋਲ ਯੁਕਤ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਬਿਜਾਈ ਜਾਂ ਮੁਢਲੇ ਵਿਕਾਸ ਸਮੇਂ ਕੀਟਨਾਸ਼ਕਾਂ ਯੁਕਤ ਰੇਹ ਆਦਿ ਦੀ ਵਰਤੋਂ ਵੀ ਇਸਦਾ ਹਮਲਾ ਘਟਾਉਂਦੀ ਹੈ।
1-3 ਮਹੀਨੇ ਦੀ ਉਮਰ ਦੀ ਫ਼ਸਲ ਇਸ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ। ਮਾਦਾ, ਪੱਤੇ ਦੇ ਮੁੱਢ ਦੇ ਅੰਦਰਲੇ ਪਾਸੇ 3-5 ਕਤਾਰਾਂ ਵਿੱਚ, ਗੁੱਛਿਆਂ ਦੇ ਰੂਪ ਵਿੱਚ ਆਂਡੇ ਦਿੰਦੀ ਹੈ। ਇੱਕ ਗੁੱਛੇ ਵਿੱਚ ਆਂਡਿਆਂ ਦੀ ਗਿਣਤੀ 60 ਤੱਕ ਹੋ ਸਕਦੀ ਹੈ। 1 ਤੋਂ 6 ਦਿਨਾਂ ਵਿੱਚ ਆਂਡਿਆਂ ਵਿੱਚੋਂ ਲਾਰਵੇ ਨਿਕਲ ਕੇ ਖਿੰਡ ਜਾਂਦੇ ਹਨ ਅਤੇ ਜ਼ਮੀਨੀ ਸਤਹ ਦੇ ਬਿਲਕੁਲ ਉੱਪਰ ਤਣੇ ਵਿੱਚ ਛੇਕ ਕਰਕੇ ਅੰਦਰ ਚਲੇ ਜਾਂਦੇ ਹਨ। ਲਾਰਵਾ ਹੋਰ ਜਗ੍ਹਾ ਵੀ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਇੱਕ ਤੋਂ ਜ਼ਿਆਦਾ ਫੋਟਾਂ ‘ਤੇ ਹਮਲਾ ਕਰਕੇ ਉਹੀ ਨੁਕਸਾਨ ਕਰਦਾ ਹੈ। 25 ਤੋਂ 30 ਦਿਨਾਂ ਵਿੱਚ ਇਹ ਪੂਰਾ ਵਿਕਸਿਤ ਹੋ ਜਾਂਦਾ ਹੈ ਅਤੇ ਤਣੇ ਵਿੱਚ ਹੀ ਆਪਣੇ ‘ਪਿਊਪਾ’ ਪੜਾਅ ਵਿੱਚ ਆ ਜਾਂਦਾ ਹੈ। 6 ਤੋਂ 8 ਦਿਨਾਂ ਬਾਅਦ ਬਾਲਗ ਭਮੱਕੜ ਨਿਕਲਦਾ ਹੈ। ਇਸਦਾ ਕੁੱਲ ਜੀਵਨ ਚੱਕਰ 35 ਤੋਂ 40 ਦਿਨਾਂ ਦਾ ਹੁੰਦਾ ਹੈ।